Monday 9 November 2015

ਗੁਰਬਚਨ ਸਿੰਘ ਲਾਡਪੁਰੀ ਦੀਆਂ ਚਾਰ ਪੁਸਤਕਾਂ ਰਿਲੀਜ਼

8 ਨਵੰਬਰ - ਉੱਘੇ ਲੇਖਕ, ਕਵੀ ਅਤੇ ਗ਼ਜ਼ਲਗੋ ਗੁਰਬਚਨ ਸਿੰਘ ਲਾਡਪੁਰੀ ਦੀਆਂ ਚਾਰ ਪੁਸਤਕਾਂ ਦੇ ਪੰਜਾਬੀ ਭਵਨ ਲੁਧਿਆਣਾ ਵਿੱਚ ਹੋਏ ਰਿਲੀਜ਼ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਡਾ. ਤੇਜਵੰਤ ਮਾਨ ਨੇ ਕਿਹਾ ਕਿ ਲਾਡਪੁਰੀ ਨੇ ਪੰਜਾਬੀ ਸ਼ਬਦ ਭੰਡਾਰ ਦੇ ਅਸੀਮ ਖ਼ਜ਼ਾਨੇ ਦੀ ਵਰਤੋਂ ਕਰਦਿਆਂ ਪੰਜਾਬੀ ਸ਼ਬਦ ਸ਼ਕਤੀ ਦੀ ਚੰਗੀ ਠੁੱਕ ਬੰਨ੍ਹੀ ਹੈ। ਉਨ੍ਹਾਂ ਦੀਆਂ ਇਹ ਲਿਖਤਾਂ ਹੋਰ ਲੇਖਕਾਂ, ਕਵੀਆਂ ਅਤੇ ਗ਼ਜ਼ਲਗੋਆਂ ਲਈ ਪ੍ਰੇਰਨਾ ਸਰੋਤ ਹੋਣਗੀਆਂ।
ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਚੇਤਨ ਸਿੰਘ ਨੇ ਕਿਹਾ ਕਿ ਸ੍ਰੀ ਲਾਡਪੁਰੀ ਵੱਲੋਂ ਪੰਜਾਬੀ ਸਾਹਿਤ ਦੇ ਵਿਕਾਸ ਵਿੱਚ ਜੋ ਯੋਗਦਾਨ ਪਾਇਆ ਜਾ ਰਿਹਾ ਹੈ, ਉਸ ਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ, ਥੋੜ੍ਹੀ ਹੈ। ਸਿਰਜਣਧਾਰਾ ਦੇ ਸਹਿਯੋਗ ਨਾਲ ਕਰਵਾਏ ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਕਰਮਜੀਤ ਸਿੰਘ ਅੌਜਲਾ ਨੇ ਦੱਸਿਆ ਕਿ ਇਹ ਸਮਾਗਮ ਗੁਰਬਚਨ ਸਿੰਘ ਲਾਡਪੁਰੀ ਦੀ ਪਤਨੀ ਸ਼ਿੰਗਾਰ ਕੌਰ ਦੀ ਯਾਦ ਨੂੰ ਸਮਰਪਿਤ ਸੀ। ਲੇਖਕ ਲਾਡਪੁਰੀ ਨੇ ਕਿਹਾ ਕਿ ਉਨ੍ਹਾਂ ਆਪਣੀ ਪੁਸਤਕ ਅੱਧਵਾਟਾ ਪਿਆਰਆਪਣੀ ਪਤਨੀ ਬੀਬੀ ਸ਼ਿੰਗਾਰ ਕੌਰ ਦੇ ਸਦੀਵੀ ਵਿਛੋੜੇ ਨੂੰ ਸਮਰਪਿਤ ਕੀਤੀ ਹੈ। ਇਹ ਪੁਸਤਕ ਵੈਰਾਗਮਈ ਕਾਵਿ ਅਤੇ ਗ਼ਜ਼ਲਾਂ ਦਾ ਸੰਗ੍ਰਹਿ ਹੈ। ਹਲੂਣਾਪੁਸਤਕ ਵਿੱਚ ਕਵਿਤਾਵਾਂ, ਗੀਤਾਂ ਤੇ ਗ਼ਜ਼ਲਾਂ ਰਾਹੀਂ ਸਮਾਜਿਕ ਰਿਸ਼ਤਿਆਂ ਅਤੇ ਮਨੁੱਖ ਦੀ ਇੱਛਾ ਸ਼ਕਤੀ ਨੂੰ ਹਲੂਣਾ ਦੇਣ ਵਾਲੀ ਸ਼ਾਇਰੀ ਸ਼ਾਮਲ ਕੀਤੀ ਗਈ ਹੈ। ਜੀਵਨ ਜੋਤ ਤੇ ਸਿੱਖੀ ਸਰਮਾਇਆਧਾਰਮਿਕ ਕਾਵਿ ਸੰਗ੍ਰਹਿ ਹੈ, ਜਦੋਂ ਕਿ ਗ਼ਜ਼ਲ ਪਟਾਰੀਰਾਹੀਂ ਉਰਦੂ, ਫਾਰਸੀ ਬਹਿਰਾਂ ਦੀ ਜਕੜ ਵਿੱਚੋਂ ਪੰਜਾਬੀ ਗ਼ਜ਼ਲ ਨੂੰ ਆਜ਼ਾਦ ਕਰਵਾਉਣ ਦਾ ਅਰੰਭਕ ਯਤਨ ਕੀਤਾ ਗਿਆ ਹੈ।
ਸਮਾਗਮ ਵਿੱਚ ਪੁੱਜੀਆਂ ਅਹਿਮ ਸ਼ਖ਼ਸੀਅਤਾਂ ਵਿੱਚ ਡਾ. ਬਲਵਿੰਦਰ ਸਿੰਘ ਸਧਾਰ, ਡਾ. ਤੇਜਵੰਤ ਸਿੰਘ ਮਾਨ, ਜ਼ਿਲ੍ਹਾ ਭਾਸ਼ਾ ਅਫ਼ਸਰ ਜਲੰਧਰ ਅਮਰਜੀਤ ਕੌਰਹਰਦੇਵ ਸਿੰਘ ਦਿਲਗੀਰ, ਮਿੱਤਰ ਸੈਨ ਮੀਤ, ਦਵਿੰਦਰ ਸਿੰਘ ਸੇਖਾ, ਗੁਰਚਰਨ ਕੌਰ ਕੋਚਰ ਅਤੇ ਫਕੀਰ ਚੰਦ ਸ਼ੁਕਲਾ ਸ਼ਾਮਲ ਹਨ। ਇਸ ਮੌਕੇ ਦੀਪ ਢਿੱਲੋਂ, ਜੈਸਮੀਨ ਜੱਸੀ, ਜਸਵੀਰ ਜੱਸੀ ਅਤੇ ਬੀਬਾ ਹੁਸਨਪ੍ਰੀਤ ਹੰਸ ਨੇ ਲਾਡਪੁਰੀ ਵੱਲੋਂ ਲਿਖੇ ਗੀਤਾਂ ਦੀ ਪੇਸ਼ਕਾਰੀ ਕੀਤੀ। ਸਮਾਗਮ ਦੌਰਾਨ ਕਈ ਉੱਘੇ ਸਾਹਿਤਕਾਰਾਂ ਦਾ ਸਨਮਾਨ ਵੀ ਕੀਤਾ ਗਿਆ।


No comments:

Post a Comment