ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਸਹਿਯੋਗ ਨਾਲ ਸਾਹਿਤਕ ਸੰਸਥਾ ਸਿਰਜਣਧਾਰਾ ਵੱਲੋਂ ਸ੍ਰੀ ਦਲਜੀਤ ਸਿੰਘ ਦਰਦੀ ਦਾ ਕਾਵਿ-ਸੰਗ੍ਰਹਿ, 'ਜਿੰਦ ਪੂਣੀ ਦੀਆਂ ਤੰਦਾਂ' ਪੰਜਾਬੀ ਭਵਨ ਲੁਧਿਆਣਾ ਵਿਖੇ ਲੋਕ ਅਰਪਣ ਕੀਤਾ ਗਿਆ। ਪ੍ਰਧਾਨਗੀ ਮੰਡਲ ਵਿੱਚ ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਪ੍ਰੋ: ਗੁਰਭਜਨ ਗਿੱਲ, ਸਾਬਕਾ ਜਨਰਲ ਸਕੱਤਰ ਪ੍ਰੋ: ਰਵਿੰਦਰ ਭੱਠਲ, ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਮੀਤ ਪ੍ਰਧਾਨ ਗੁਰਚਰਨ ਕੌਰ ਕੋਚਰ ਅਤੇ ਦਲਵੀਰ ਸਿੰਘ ਲੁਧਿਆਣਵੀ ਸ਼ਾਮਿਲ ਹੋਏ। ਡਾ. ਗੁਲਜ਼ਾਰ ਪੰਧੇਰ ਨੇ ਬਾਖ਼ੂਬੀ ਮੰਚ ਸੰਚਾਲਨ ਕਰਦਿਆਂ ਕਿਹਾ ਕਿ ਚੰਗੀਆਂ ਪੁਸਤਕਾਂ ਹੀ ਨਿੱਗਰ ਸਮਾਜ ਦੀ ਸਿਰਜਣਾ ਕਰ ਸਕਦੀਆਂ ਹਨ।
ਪ੍ਰੋ: ਗੁਰਭਜਨ ਗਿੱਲ ਨੇ ਪ੍ਰਧਾਨਗੀ ਭਾਸ਼ਣ ਵਿੱਚ ਕਿਹਾ ਕਿ 'ਜਿੰਦ ਪੂਣੀ ਦੀਆਂ ਤੰਦਾਂ' ਕਾਵਿ-ਸੰਗ੍ਰਹਿ ਦੀ ਰੂਪ ਸੰਰਚਨਾ ਜਿੱਥੇ ਲੋਕ ਮੁਹਾਵਰੇ ਵਾਲੀਆਂ ਲਿਖਤਾਂ ਨਾਲ ਭਰਪੂਰ ਹੈ, ਉੱਥੇ ਸਾਹਿਤਕ ਵੰਨਗੀਆਂ ਦੀ ਭਰਪੂਰਤਾ ਕਾਰਨ ਵੀ ਮੁੱਲਾਵਾਨ ਹੈ।
ਪ੍ਰੋ: ਰਵਿੰਦਰ ਭੱਠਲ ਨੇ ਕਿਹਾ ਕਿ ਸ਼ਬਦਾਵਲੀ ਸੋਚਵੀਂ ਤੇ ਸੁਚੱਜੀ ਹੋਣ ਦੇ ਕਾਰਨ ਹੀ ਇਹ ਪੁਸਤਕ ਪੜ੍ਹਨਯੋਗ, ਸਾਂਭਣਯੋਗ ਹੈ।
ਮੈਡਮ ਗੁਰਚਰਨ ਕੌਰ ਕੋਚਰ ਨੇ ਆਪਣੇ ਵਿਚਾਰਾਂ ਵਿੱਚ ਕਿਹਾ ਕਿ ਸ਼ਾਇਰ ਖ਼ੁਦ ਸੁਰ ਸਾਧਕ ਹੋਣ ਦੇ ਕਾਰਨ ਹੀ ਸਾਰੀਆਂ ਰਚਨਾਵਾਂ ਨਿਯਮਬੱਧ ਹਨ।
ਲੁਧਿਆਣਵੀ ਨੇ ਪੇਪਰ ਪੇਸ਼ ਕਰਦਿਆਂ ਕਿਹਾ ਕਿ ਦਲਜੀਤ ਸਿੰਘ ਦਰਦੀ ਦੀ ਸਾਰੀ ਸ਼ਾਇਰੀ ਹੀ ਪਾਸ਼ਵਿਕ ਬਿਰਤੀਆਂ ਦੀ ਥੇਹ 'ਤੇ ਸੱਚੀਆਂ-ਸੁੱਚੀਆਂ ਕੀਮਤਾਂ ਦਾ ਦੀਵਾ ਜਗਾਉਣ 'ਤੇ ਅਧਾਰਿਤ ਹੈ।
ਇਸ ਮੌਕੇ 'ਤੇ ਦਲਜੀਤ ਸਿੰਘ ਦਰਦੀ ਨੇ ਸਭ ਦਾ ਧਨਵਾਦ ਕਰਦੇ ਹੋਏ ਆਪਣੀਆਂ ਕੁਝ ਕਵਿਤਾਵਾਂ ਦੀ ਪਾਠ ਵੀ ਕੀਤਾ। ਗੁਰਦਿਆਲ ਸ਼ੌਂਕੀ, ਤ੍ਰੈਲੋਚਨ ਲੋਚੀ, ਕਰਨੈਲ ਸਿਵੀਆ, ਰਵਿੰਦਰ ਦੀਵਾਨਾ, ਅਵਤਾਰ ਸਿੰਘ ਬੱਲ, ਸਰਬਜੀਤ ਵਿਰਦੀ, ਅਮਰਜੀਤ ਸ਼ੇਰਪੁਰੀ, ਆਦਿ ਨੇ ਪੁਸਤਕ 'ਤੇ ਵਿਚਾਰ ਰੱਖੇ। ਉਪਰੰਤ ਕਵੀ ਦਰਬਾਰ ਵਿੱਚ ਦਲੇਰ ਪੰਜਾਬੀ, ਗੁਰਦੀਸ਼ ਕੌਰ ਗਰੇਵਾਲ, ਸੰਪੂਰਣ ਸਿੰਘ ਸਨਮ, ਕੁਲਵਿੰਦਰ ਕੌਰ ਧੀਮਾਨ, ਰਾਜਿੰਦਰ ਨਾਥ ਸ਼ਰਮਾ, ਪਰਮਜੀਤ ਕੌਰ ਮਹਿਕ, ਦਲਬੀਰ ਕਲੇਰ, ਸੁਭਾਸ਼ ਕਲਾਕਾਰ, ਜਗਸ਼ਰਨ ਸਿੰਘ ਛੀਨਾ, ਜੋਗਿੰਦਰ ਸਿੰਘ ਕੰਗ, ਗੁਰਬਚਨ ਸਿੰਘ ਲਾਡਪੁਰੀ, ਬਲਵੰਤ ਸਿੰਘ ਸਨੇਹੀ, ਗੁਰਵਿੰਦਰ ਸਿੰਘ ਸ਼ੇਰਗਿੱਲ, ਇੰਜ: ਸੁਰਜਨ ਸਿੰਘ, ਸੁੱਖ ਧੂਰਕੋਟੀਆ, ਆਦਿ ਨੇ ਆਪੋ-ਆਪਣੀਆਂ ਕਵਿਤਾਵਾਂ ਪੇਸ਼ ਕਰਕੇ ਚੰਗਾ ਰੰਗ ਬੰਨ੍ਹਿਆ। ਸਮਾਗਮ ਨੂੰ ਚਾਰ ਚੰਨ ਲਗਾਉਣ ਲਈ ਆਏ ਹੋਏ ਸਾਹਿਤ ਪ੍ਰੇਮੀਆਂ ਵਿਚ ਹਰਮਨਦੀਪ ਮਿੰਟਾ, ਜਗਤਾਰ ਸਿੰਘ, ਅਸਵਨੀ ਕੁਮਾਰ, ਆਦਿ ਸ਼ਾਮਲ ਸਨ।
No comments:
Post a Comment