Saturday 29 April 2023

ਸਿਰਜਣਧਾਰਾ ਨੇ 35 ਸਾਲ ਪੂਰੇ ਕੀਤੇ

 


ਪੰਜਾਬੀ ਭਵਨ ਦੇ ਵਿਹੜੇ ਵਿੱਚ ਸਾਹਿਤਕ ਸੰਸਥਾ ਸਿਰਜਣਧਾਰਾ ਦੀ ਮਹੀਨਾਵਾਰ ਮੀਟਿੰਗ ਹੋਈ , ਜਿਸ ਦੀ ਪ੍ਰਧਾਨਗੀ ਸਿਰਜਣਧਾਰਾ ਸੰਸਥਾ ਦੇ ਸੰਸਥਾਪਕ ਤੇ ਸਰਪ੍ਰਸਤ ਕਰਮਜੀਤ ਸਿੰਘ ਔਜਲਾ ਨੇ ਕੀਤੀ । ਇਸ ਮੀਟਿੰਗ ਵਿੱਚ ਅਣੂ ਦੇ ਪ੍ਰਕਾਸ਼ਕ ਸੁਰਿੰਦਰ ਕੈਲੇ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਮੀਟਿੰਗ ਵਿੱਚ  ਕਨੇਡਾ ਤੋਂ ਆਈ  ਉੱਘੀ ਲੇਖਕਾ ਮੈਡਮ ਗੁਰਚਰਨ ਕੌਰ ਥਿੰਦ ਨੂੰ ਜੀ ਆਇਆਂ ਆਖਦੇ ਹੋਏ ਉਹਨਾਂ ਦਾ ਸਨਮਾਨ ਤੇ ਨਿੱਘਾ ਸੁਆਗਤ ਕੀਤਾ ਗਿਆ। ਇਸ ਮੌਕੇ ਡਾਕਟਰ ਗੁਰਚਰਨ ਕੌਰ ਕੋਚਰ ਅਤੇ ਉਘੇ ਲੇਖਕ ਅਤੇ ਪੰਜਾਬੀਮਾਂ.ਕਾਮ ਦੇ ਸੰਪਾਦਕ ਦਵਿੰਦਰ ਸਿੰਘ ਸੇਖਾ ਨੇ ਪੰਜਾਬੀ ਮਾਂ ਬੋਲੀ ਨੂੰ ਹਮੇਸ਼ਾ ਪਹਿਲ ਦੇ ਅਧਾਰ ਤੇ ਸਨਮਾਨ ਅਤੇ ਸਤਿਕਾਰ ਦੇਣ ਦੀ ਗੱਲ ਕੀਤੀ। ਉਹਨਾਂ ਬੋਲਦੇ ਹੋਏ ਕਿਹਾ ਕਿ ਆਪਣੇ ਬੱਚਿਆਂ ਨੂੰ ਗੁਰੂ ਸਾਹਿਬਾਨਾਂ ਦੁਆਰਾ ਦੱਸੇ ਗਏ ਮਾਰਗ ਤੇ ਚੱਲਣ ਦੀ ਪ੍ਰੇਰਨਾ ਦੇਣਾ ਹਰ ਮਾਂ ਬਾਪ ਦਾ ਮੁੱਢਲਾ ਫਰਜ਼ ਬਣਦਾ ਹੈ । ਕਿਉਂਕਿ ਇਹ ਮਿੱਠੀ ਬੋਲੀ ਸਾਨੂੰ ਉਹਨਾਂ ਪੈਗੰਬਰਾਂ ਦੀ ਹੀ ਬਖਸ਼ਿਸ਼ ਹੈ । ਉੱਘੇ ਸਾਹਿਤਕਾਰ ਤੇ ਕਵੀ ਤੇਗ ਬਹਾਦਰ ਸਿੰਘ ਤੇਗ, ਬੇਅੰਤ ਸਿੰਘ ਕਲੇਰਾਂ, ਸੁਖਦੇਵ ਸਿੰਘ ਲਾਜ਼, ਗੁਰਦੇਵ ਸਿੰਘ ਬਰਾੜ, ਹਰਭਜਨ ਸਿੰਘ ਕੋਹਲੀ ਹੋਰਾਂ ਨੇ ਬਹੁਤ ਹੀ ਗੂੜ੍ਹ ਗਿਆਨ ਦੀਆਂ ਗੱਲਾਂ ਕਰਦੇ ਹੋਏ ਪੰਜਾਬੀਆਂ ਵਲੋਂ ਦੇਸ਼ ਸੇਵਾ ਤੇ ਸਾਹਿਤ ਦੇ ਖੇਤਰ ਪਾਏ ਵਡਮੁੱਲੇ ਯੋਗਦਾਨ ਦੀ ਭਰਪੂਰ ਪ੍ਰਸ਼ੰਸਾ ਕੀਤੀ, ਜਿਸ ਨਾਲ ਪੰਜਾਬੀ ਮਾਂ ਬੋਲੀ ਦਾ ਮਾਣ ਨਾਲ ਸਿਰ ਉੱਚਾ ਹੋਇਆ। ਇਸ ਵੇਲੇ ਸਿਰਜਣਧਾਰਾ ਦੇ 35 ਸਾਲ ਪੂਰੇ ਹੋਣ ਤੇ ਇਕ ਯਾਦਗਾਰੀ ਸਲਾਨਾ ਸਮਾਗਮ ਜੋ ਕਿ ਮਈ ਦੇ ਮਹੀਨੇ ਵਿੱਚ ਹੋ ਰਿਹਾ ਹੈ ਦੀ ਰੂਪ ਰੇਖਾ ਵੀ ਤਿਆਰ ਕੀਤੀ ਗਈ ਤੇ ਨਾਲ ਹੀ ਤੇਗ ਬਹਾਦਰ ਸਿੰਘ ਤੇਗ ਦੁਆਰਾ ਰਚਿਤ ਪੁਸਤਕ " ਗੁਨ ਗੋਬਿੰਦ ਗਾਇਓ ਨਹੀ " ਵੀ ਲੋਕ ਅਰਪਣ ਕੀਤੀ ਗਈ। ਕੁੱਝ ਦਿਨ ਪਹਿਲਾਂ ਦੇਸ਼ ਦੇ ਵੱਖ ਵੱਖ ਸਥਾਨਾਂ ਤੇ ਸ਼ਹੀਦ ਹੋਏ  ਫ਼ੌਜੀ ਵੀਰ ਜਵਾਨਾਂ ਦੀ ਸ਼ਹਾਦਤ ਨੂੰ ਨਮਨ ਕਰਦੇ ਹੋਏ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਭੇਟ ਕੀਤੀ ਗਈ।ਮੀਟਿੰਗ ਵਿੱਚ ਹਾਜ਼ਰ ਕਵੀਜਨਾਂ ਦਾ  ਕਵੀ ਦਰਬਾਰ ਵੀ ਹੋਇਆ ਜਿਸ ਵਿੱਚ ਹਰਦੇਵ ਸਿੰਘ ਕਲਸੀ ਨੇ ਜੱਸਾ ਸਿੰਘ ਰਾਮਗੜ੍ਹੀਆ ਜੀ ਦੀ ਬਹਾਦਰੀ  ਦੀ ਕਵਿਤਾ, ਸੁਰਿੰਦਰ ਦੀਪ ਨੇ ਕੁੱਝ ਲੇਖਕ ਮੇਰੇ ਬਾਪੂ ਵਰਗੇ, ਸੁਰਿੰਦਰ ਕੈਲੇ ਨੇ ਨਾ ਟੁੱਟੇ ਪ੍ਰੀਵਾਰ ਕਿਸੇ ਦਾ, ਅਮਰਜੀਤ ਸ਼ੇਰਪੁਰੀ ਨੇ ਨਹੀਂ ਮਿਲਿਆ ਇਨਸਾਫ਼ ਅਜੇ ਵੀ ਪੂਰਾ ਨਾਰੀ ਨੂੰ, ਸੰਪੂਰਨ ਸਨਮ ਨੇ ਕਬ ਖਤਮ ਕਰੋਗੇ ਯਾਰੋ ਆਪਣੇ ਦਿਲੋਂ ਸੇ ਨਫ਼ਰਤ, ਪਰਮਿੰਦਰ ਅਲਬੇਲਾ ਨੇ ਬੜਾ ਦਿਲ ਰੋਇਆ ਮੇਰਾ ਯਾਰੋ ਮੇਰੇ ਪਿੰਡ ਜਾ ਕੇ, ਜੋਗਿੰਦਰ ਸਿੰਘ ਕੰਗ ਨੇ ਭੰਵਰੇ ਬਣੀਏ ਫੁੱਲਾਂ ਉਤੇ ਪਾਉਣਾ ਸਾਂਝ ਦਾ ਗਹਿਣਾ ਸਿੱਖੀਏ, ਮਲਕੀਤ ਮਾਲੜਾ ਨੇ ਮਿੱਠੜੇ ਮਿੱਠੜੇ ਬੋਲ ਤੂੰ ਬੋਲ ਪੰਜਾਬੀ ਦੇ ਰਚਨਾਵਾਂ ਸੁਣਾ ਕੇ ਵਧੀਆ ਰੰਗ ਬੰਨ੍ਹਿਆਂ । ਜਨਰਲ ਸਕੱਤਰ ਸ਼ੇਰਪੁਰੀ ਨੇ ਮੰਚ ਸੰਚਾਲਨ ਦੀ ਸੇਵਾ ਬਾ-ਖੂਬੀ ਨਿਭਾਈ। ਅੰਤ ਵਿੱਚ ਹਰਬਖਸ਼ ਸਿੰਘ ਗਰੇਵਾਲ ਨੇ ਸਭਨਾਂ ਦੇ ਆਉਣ ਦਾ ਧੰਨਵਾਦ ਕੀਤਾ ।

No comments:

Post a Comment