Sunday 28 December 2014

ਪੁਸਤਕ 'ਹਾਸੇ ਦੇ ਵਪਾਰੀ' ਲੋਕ ਅਰਪਣ

'ਜ਼ਿੰਦਗੀ ਦੀਆਂ ਨਿੱਕੀਆਂ-ਨਿੱਕੀਆਂ ਕਮੀਆਂ ਅਤੇ ਖੂਬੀਆਂ ਨੂੰ ਉਘਾੜਦਾ ਲੇਖਕ ਬੜੀ ਸੁਹਿਰਦਤਾ ਨਾਲ ਪਾਠਕਾਂ ਨੂੰ ਆਨੰਦ ਭਰਪੂਰ ਗਿਆਨ ਦਿੰਦਾ, ਘਟਨਾਵਾਂ ਤੋਂ ਸੁਚੇਤ ਕਰਦਾ ਹੋਇਆ, ਬਦਲਦੇ ਸਮਾਜ ਦੇ ਅਨੇਕ ਪੱਖਾਂ ਨੂੰ ਸਾਹਮਣੇ ਲਿਆ ਕੇ ਰੱਖਦਾ ਹੈ ਤਾਂ ਜੋ ਹਰ ਸ਼ਖ਼ਸ ਦੀ ਜ਼ਿੰਦਗੀ ਹੀ ਹਾਸਰਸ ਬਣ ਸਕੇ', ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਸ਼ਵ ਪ੍ਰਸਿੱਧ ਨਾਵਲਕਾਰ ਮਿੱਤਰ ਸੈਨ ਮੀਤ ਨੇ ਸਾਹਿਤਕ ਸੰਸਥਾ ਸਿਰਜਣਧਾਰਾ ਵੱਲੋਂ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਸਹਿਯੋਗ ਨਾਲ ਕਰਵਾਏ ਗਏ ਸਮਾਗਮ ਦੌਰਾਨ ਗੁਰਨਾਮ ਸਿੰਘ ਸੀਤਲ ਦੀ ਚੁਟਕਲਿਆਂ ਅਤੇ ਵਿਅੰਗ ਦੇ ਰੂਪ ਵਿਚ ਪੁਸਤਕ 'ਹਾਸੇ ਦੇ ਵਪਾਰੀ' ਪੰਜਾਬੀ ਭਵਨ ਲੁਧਿਆਣਾ ਵਿਖੇ ਲੋਕ ਅਰਪਣ ਕਰਦਿਆਂ ਕੀਤਾ। ਮੀਤ ਸਾਹਿਬ ਦੇ ਇਲਾਵਾ ਪ੍ਰਧਾਨਗੀ ਮੰਡਲ ਵਿੱਚ ਸੰਸਥਾ ਦੇ ਪ੍ਰਧਾਨ ਸ. ਕਰਮਜੀਤ ਸਿੰਘ ਔਜਲਾ, ਸੀਨੀ. ਮੀਤ ਪ੍ਰਧਾਨ ਦਵਿੰਦਰ ਸੇਖਾ, ਉਘੀ ਲੇਖਿਕਾ ਗੁਰਚਰਨ ਕੌਰ ਥਿੰਦ, ਮੀਤ ਪ੍ਰਧਾਨ ਦਲਵੀਰ ਸਿੰਘ ਲੁਧਿਆਣਵੀ, ਜਨਰਲ ਸਕੱਤਰ ਗੁਰਚਰਨ ਕੌਰ ਕੋਚਰ ਅਤੇ ਇੰਜ: ਅਜੀਤ ਸਿੰਘ ਅਰੋੜਾ ਹਾਜ਼ਿਰ ਹੋਏ। ਦਲਵੀਰ ਸਿੰਘ ਲੁਧਿਆਣਵੀ ਨੇ ਬਾਖ਼ੂਬੀ ਮੰਚ ਸੰਚਾਲਨ ਕਰਦਿਆਂ ਕਿਹਾ ਕਿ ਚੰਗੀਆਂ ਪੁਸਤਕਾਂ ਹੀ ਨਿੱਗਰ ਸਮਾਜ ਦੀ ਸਿਰਜਣਾ ਕਰਦੀਆਂ ਨੇ। ਬੁੱਧ ਸਿੰਘ ਨੀਲੋ ਨੇ ਪੁਸਤਕ 'ਤੇ ਪਰਚਾ ਪੜ੍ਹਦਿਆਂ ਕਿਹਾ ਕਿ ਅੱਜ ਦੇ ਦੌਰ ਵਿਚ ਜ਼ਿੰਦਗੀ ਰੁਝੇਵਿਆਂ ਨਾਲ ਭਰੀ ਹੋਣ ਕਰਕੇ ਹੀ ਮਨੁੱਖ ਨੇ ਹਾਸ-ਰਸ ਚੁਣਿਆ ਹੈ।  
ਸ. ਔਜਲਾ ਨੇ ਪੁਸਤਕ 'ਤੇ ਵਿਚਾਰ ਰੱਖਦਿਆਂ ਕਿਹਾ ਗੁਰਨਾਮ ਸਿੰਘ ਸੀਤਲ ਨੇ ਵੱਡਾ ਉਪਰਲਾ ਕੀਤਾ ਹੈ ਕਿ ਮਨੁੱਖੀ ਵਿਵਹਾਰ ਦੀ ਭਾਸ਼ਾ ਨੂੰ ਪਾਠਕਾਂ ਦੇ ਦਿਲਾਂ ਦੀ ਤਖ਼ਤੀ ਉਪਰ ਆਪਣੀ ਕਲਮ ਨਾਲ ਲਿਖ ਸਕੇ ਤਾਂ ਜੋ ਚੁਫ਼ੇਰੇ ਹੀ ਹਾਸਰਸ ਦਾ ਮਾਹੌਲ ਪੈਦਾ ਕੀਤਾ ਜਾ ਸਕੇ।  
ਮੈਡਮ ਥਿੰਦ ਨੇ ਕਿਹਾ ਕਿ ਸਾਹਿਤਕ ਸਭਾਵਾਂ ਕੈਨੇਡਾ ਵਿਚ ਵੀ ਪੰਜਾਬੀ ਭਾਸ਼ਾ ਦੇ ਪ੍ਰਸਾਰ, ਪ੍ਰਚਾਰ ਲਈ  ਆਪੋ-ਆਪਣਾ ਯੋਗਦਾਨ ਪਾ ਰਹੀਆ ਹਨ, ਜੋ ਪ੍ਰਸ਼ੰਸਾਯੋਗ ਹੈ।
ਸ੍ਰੀ ਸੇਖਾ ਨੇ ਕਿਹਾ ਕਿ ਗੁਰਨਾਮ ਸਿੰਘ ਸੀਤਲ ਦੀ 'ਹਾਸਿਆ ਦੀ ਪਟਾਰੀ' ਹਰੇਕ ਵਰਗ ਦੇ ਪਾਠਕ ਨੂੰ ਖੁਸ਼ੀ ਦੇਵੇਗੀ।
ਮੈਡਮ ਕੋਚਰ ਨੇ 'ਹਾਸੇ ਦੇ ਵਪਾਰੀ' ਪੁਸਤਕ 'ਤੇ ਵਿਚਾਰ ਰਖਦਿਆਂ ਕਿਹਾ ਕਿ ਹਾਸਰਸ ਦੀ ਜ਼ਿੰਦਗੀ ਹੰਢਾਉਣਾ ਮਨੁੱਖ ਦੇ ਹੱਥ-ਵੱਸ ਹੈ।
ਇਸ ਮੌਕੇ 'ਤੇ ਲੇਖਕ ਨੇ ਆਪਣੀ ਕੁਝ ਰਚਨਾਵਾਂ ਦਾ ਵੀ ਪਾਠ ਕੀਤਾ। ਲੇਖਕ ਦੀ ਧਰਮ ਪਤਨੀ ਨੇ ਵਿਚਾਰ ਰੱਖਦਿਆਂ ਕਿਹਾ ਕਿ ਹਾਸਰਸ ਦੀ ਸਿਰਜਣਾ ਹੋਣ ਦੇ ਕਾਰਣ ਹੀ ਘਰ ਵੀ ਖਿੜਿਆ-ਖਿੜਿਆ ਰਹਿੰਦਾ ਹੈ। 
ਕਵੀ ਦਰਬਾਰ ਵਿਚ ਰਘਬੀਰ ਸਿੰਘ ਸੰਧੂ, ਇੰਜ: ਸੁਰਜਨ ਸਿੰਘ, ਸਪੂਰਨ ਸਿੰਘ ਸਨਮ, ਪੰਜਾਬੀ ਪਤ੍ਰਿਕਾ ਯੁਗ-ਬੋਧ ਦੇ ਸੰਪਾਦਕ ਸੋਮਨਾਥ, ਪੰਮੀ ਹਬੀਬ, ਕੰਵਲ ਵਾਲੀਆ, ਡਾ ਕੁਲਵਿੰਦਰ ਕੌਰ ਮਿਨਹਾਸ, ਅਮਰਜੀਤ ਸ਼ੇਰਪੁਰੀ, ਰਵਿੰਦਰ ਰਵੀ, ਤਰਲੋਚਨ ਝਾਂਡੇ ਆਦਿ ਨੇ ਆਪੋ-ਆਪਣੀਆਂ ਤਾਜ਼ਾ-ਤਰੀਨ ਰਚਨਾਵਾਂ ਪੇਸ਼ ਕਰਕੇ ਚੰਗਾ ਰੰਗ ਬੰਨ੍ਹਿਆ।ਸਮਾਗਮ ਨੂੰ ਚਾਰ ਚੰਨ ਲਗਾਉਣ ਲਈ ਸਾਹਿਤ ਪ੍ਰੇਮੀ ਵੀ ਸ਼ਾਮਲ ਹੋਏ।

No comments:

Post a Comment